ਸਹੁਰਾ ਪਰਿਵਾਰ ਵਲੋਂ ਨੂੰਹ ‘ਤੇ ਅੱਤਿਆਚਾਰ, ਪਲਾਸ ਨਾਲ ਉਖਾੜੇ ਨਹੁੰ….

ਜਮਸ਼ੇਦਪੁਰ: ਇੱਥੇ ਇਕ ਮਹਿਲਾ ਦੀ ਉਸ ਦੇ ਸਹੁਰਾ ਪਰਿਵਾਰ ਵਾਲਿਆਂ ਵਲੋਂ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ, ਨਿਰਦਈ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਦੇ ਪਲਾਸ ਨਾਲ ਨਹੁੰ ਵੀ ਉਖਾੜ ਦਿਤੇ।

ਮਹਿਲਾ ਟੇਲਕੋ ਆਜ਼ਾਦ ਮਾਰਕੀਟ ਦੇ ਕੋਲ ਰਹਿੰਦੀ ਹੈ ਅਤੇ ਉਸ ਦਾ ਨਾਮ ਆਸ਼ਾ ਕੁਮਾਰੀ ਹੈ। ਉਸ ਦੇ ਸਰੀਰ ‘ਤੇ ਕਈ ਜਗ੍ਹਾ ਜ਼ਖ਼ਮ ਹੋ ਗਏ ਹਨ। ਸਹੁਰੇ ਵਾਲਿਆਂ ਦਾ ਇਸ ਤੋਂ ਮਨ ਨਹੀਂ ਭਰਿਆ ਤਾਂ ਪਲਾਸ ਨਾਲ ਪੈਰ ਦੇ ਨਹੁੰ ਉਖਾੜ ਦਿਤੇ। ਕਿਸੇ ਤਰ੍ਹਾਂ ਜਾਨ ਬਚਾ ਕੇ ਆਸ਼ਾ ਟੇਲਕੋ ਥਾਣੇ ਪਹੁੰਚੀ ਅਤੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਪੀੜਤਾ ਨੂੰ ਇਲਾਜ ਲਈ ਐਮਜੀਐਮ ਹਸਪਤਾਲ ਭੇਜਿਆ। ਇਸ ਸਬੰਧ ‘ਚ ਆਸ਼ਾ ਨੇ ਟੇਲਕੋ ਥਾਣੇ ‘ਚ ਪਤੀ ਗੌਤਮ ਕੁਮਾਰ, ਸਹੁਰਾ ਓਮਾ ਸ਼ੰਕਰ ਚੌਰਸੀਆ ਅਤੇ ਸੱਸ ਲਕਸ਼ਮੀ ਦੇਵੀ ਦੇ ਖਿ਼ਲਾਫ਼ ਐਫਆਈਆਰ ਦਰਜ ਕਰਵਾਈ ਹੈ। ਆਸ਼ਾ ਨੇ ਦਸਿਆ ਕਿ ਉਹ ਪਟਨਾ ਦੇ ਗਰਦਨੀ ਬਾਗ਼ ਦੀ ਰਹਿਣ ਵਾਲੀ ਹੈ।

2015 ‘ਚ ਉਸ ਦਾ ਵਿਆਹ ਗੌਤਮ ਨਾਲ ਹੋਇਆ ਸੀ।

ਵਿਆਹ ਦੇ ਕੁੱਝ ਦਿਨਾਂ ਦੇ ਬਾਅਦ ਤੋਂ ਹੀ ਸਹੁਰੇ ਵਾਲੇ ਉਸ ਦੀ ਕੁੱਟਮਾਰ ਕਰਨ ਲੱਗੇ। ਮਈ 2016 ‘ਚ ਉਸ ਨੂੰ ਜੁੜਵਾ ਬੱਚੇ ਵੀ ਹੋਏ। ਵਿਆਹ ਦੇ ਸਮੇਂ ਉਸ ਦੇ ਪਿਤਾ ਨੇ ਸਭ ਕੁੱਝ ਦਿਤਾ ਪਰ ਹੁਣ ਸਹੁਰਾ ਪਰਿਵਾਰ ਵੱਲੋਂ ਕਾਰ ਦੀ ਮੰਗ ਕੀਤੀ ਜਾ ਰਹੀ ਹੈ।