ਮਾਨੋਚਾਹਲ ਪਿੰਡ ‘ਚ ਗੁਰਦੁਆਰਾ ਦੇ ਕਬਜ਼ੇ ਨੂੰ ਲੈ ਕੇ ਖੂਨੀ ਟਕਰਾਅ, 6 ਲੋਕ ਜ਼ਖਮੀ ..

ਤਰਨਤਾਰਨ (ਰਾਜੂ/ਰਮਨ) — ਜ਼ਿਲੇ ਦੇ ਪਿੰਡ ਮਾਨੋਚਾਲ ‘ਚ ਮੰਗਲਵਾਰ ਸਵੇਰੇ ਗੁਰਦੁਰਆਰਾ ਸ੍ਰੀ ਜੋਗੀਪੁਰ ਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਖੂਨੀ ਝੜਪ ਦੇਖਣ ਨੂੰ ਮਿਲੀ। ਇਸ ਦੌਰਾਨ ਨਿਹੰਗ ਸੰਗਠਨਾਂ ਨੇ ਫਾਇਰਿੰਗ ਕਰ ਦਿੱਤੀ, ਜਿਸ ‘ਚ 6 ਲੋਕ ਜ਼ਖਮੀ ਹੋ ਗਏ। ਖੂਨੀ ਸੰਘਰਸ਼ ਕਾਰਨ ਗੁੱਸੇ ‘ਚ ਆਏ ਲੋਕਾਂ ਨੇ ਦੋ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਹਲਾਤ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਪਹੁੰਚੀ ਪੁਲਸ ਨੇ ਪੂਰੇ ਪਿੰਡ ‘ਚ ਭਾਰੀ ਪੁਲਸ ਦਲ ਤਾਇਨਾਤ ਕਰ ਦਿੱਤਾ ਹੈ। ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪਿੰਡ ਕਮੇਟੀ ਦੇ ਲੋਕ ਗੁਰਦੁਆਰੇ ਦੇ ਬਾਹਰ ਹਨ, ਜਦ ਕਿ ਗੁਰਦੁਆਰੇ ਦੀ ਜ਼ਮੀਨ ‘ਤੇ ਕਬਜ਼ੇ ਦਾ ਦਾਅਵਾ ਕਰਨ ਵਾਲਾ ਗੁੱਟ ਗੁਰਦੁਆਰਾ ਦੇ ਅੰਦਰ ਹੀ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਪਿੰਡ ਦੀ ਕਮੇਟੀ ਦੇ ਲੋਕ ਗੁਰਦੁਆਰੇ ਦੀ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਸਨ, ਜਦ ਪਿੰਡ ਦੀ ਕਮੇਟੀ ਦੇ ਲੋਕ ਜ਼ਮੀਨ ‘ਤੇ ਕਬਜ਼ਾ ਕਰਨ ਲਈ ਜੋਗੀਪੁਰ ਪਹੁੰਚੇ ਤਾਂ ਗੁਰਦੁਆਰੇ ‘ਤੇ ਕਬਜ਼ਾ ਜਮਾਏ ਹੋਏ ਨਿਹੰਗ ਮੈਂਬਰਾਂ ਤੇ ਪਿੰਡ ਕਮੇਟੀ ਦੇ ਲੋਕਾਂ ‘ਚ ਕ੍ਰਾਸ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੇ ਚਲਦਿਆਂ ਹਿੰਸਾ ਭੜਕ ਗਈ ਤੇ ਗੁੱਸੇ ‘ਚ ਆਈ ਭੀੜ ਨੇ ਤੋੜ-ਭੰਨ ਸ਼ੁਰੂ ਕਰ ਦਿੱਤੀ।
ਫਾਇਰਿੰਗ ਤੇ ਅਗਜਨੀ ਦੀ ਘਟਨਾ ‘ਚ ਜ਼ਖਮੀ ਹੋਏ ਛੇ ਲੋਕਾਂ ਨੂੰ ਪੁਲਸ ਨੇ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਹੈ। ਪੁਲਸ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਕਿ ਦੋਨੋਂ ਪੱਖ ਇਕ ਦੂਜੇ ਦੇ ਵਿਰੋਧ ‘ਚ ਡਟੇ ਹੋਏ ਹਨ। ਘਟਨਾ ਤੋਂ ਪੂਰੇ ਪਿੰਡ ‘ਚ ਮਾਹੌਲ ਤਨਾਅਪੂਰਣ ਬਣਿਆ ਹੋਇਆ ਹੈ। ਪੁਲਸ ਨੇ ਪਿੰਡ ਦੀ ਘੇਰਾਬੰਦੀ ਕਰ ਰੱਖੀ ਹੈ। ਪੂਰਾ ਪਿੰਡ ਛਾਉਣੀ ‘ਚ ਤਬਦੀਲ ਹੋ ਚੁੱਕਾ ਹੈ।