ਕੀ ਸ਼ਰਾਬ ਸਸਤੀ ਕਰਕੇ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕੇਗੀ ਕੈਪਟਨ ਸਰਕਾਰ ??

ਕੈਪਟਨ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਤਹਿਤ ਸ਼ਰਾਬ ਨੂੰ ਸਸਤਾ ਕੀਤਾ ਗਿਆ ਹੈ। ਨਵੀਂ ਨੀਤੀ ਅਨੁਸਾਰ ਸੂਬੇ ਵਿੱਚ ਸ਼ਰਾਬ ਕਾਰੋਬਾਰ ’ਚ ਅਜ਼ਾਰੇਦਾਰੀ ਤੋੜਨ ਦਾ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਸੂਬੇ ਵਿੱਚ ਇਸ ਵਾਰ ਸ਼ਰਾਬ ਦਾ ਕੋਟਾ 32 ਫ਼ੀ ਸਦੀ ਹੋਰ ਘਟਾਇਆ ਗਿਆ ਹੈ। ਇਸ ਦੇ ਨਾਲ ਸ਼ਰਾਬ ਦੀ ਤਸਕਰੀ ਰੋਕਣ ਲਈ ਸ਼ਰਾਬ ਦੀ ਕੀਮਤ ਘਟਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਸ਼ਰਾਬ ਦੀ ਕੀਮਤ ਪ੍ਰਤੀ ਬੋਤਲ ਪੰਜਾਹ ਰੁਪਏ ਤੋਂ ਵੱਧ ਘੱਟ ਸਕਦੀ ਹੈ ਤੇ ਇਸ ਦੇ ਨਾਲ ਬੀਅਰ ਦੀ ਕੀਮਤ ਵੀ ਕੁਝ ਘਟੇਗੀ।ਨਵੀਆਂ ਕੀਮਤਾਂ ਦੇ ਹਿਸਾਬ ਨਾਲ ਪਹਿਲਾਂ ਬੀਅਰ ਦੀ ਬੋਤਲ ਜਿੱਥੇ 180 ਰੁਪਏ ਦੀ ਮਿਲਦੀ ਹੈ, ਉਸ ਦੀ ਕੀਮਤ 140 ਰੁਪਏ ਹੋ ਜਾਵੇਗੀ। ਦੇਸੀ ਸ਼ਰਾਬ ਦੀ ਕੀਮਤ ਵੀ 250 ਰੁਪਏ ਤੋਂ ਘਟ ਕੇ 200 ਰੁਪਏ ਹੋ ਜਾਵੇਗੀ ਜਦਕਿ ਅੰਗ੍ਰੇਜ਼ੀ ਸ਼ਰਾਬ (ਭਾਰਤ ਵਿੱਚ ਬਣੀ ਵਲੈਤੀ ਸ਼ਰਾਬ) ਦੀ ਕੀਮਤ ਵਿੱਚ ਵੀ 50 ਰੁਪਏ ਤਕ ਦੀ ਕਟੌਤੀ ਤੋਂ ਬਾਅਦ 600 ਰੁਪਏ ਤੋਂ ਘਟ ਕੇ 550 ਰੁਪਏ ਹੋ ਜਾਵੇਗੀ।ਸ਼ਰਾਬ ਦੇ ਕਾਰੋਬਾਰ ’ਚ ਅਜਾਰੇਦਾਰੀ ਤੋੜਨ ਲਈ ਪੰਜ ਕਰੋੜ ਰੁਪਏ ਤੱਕ ਦੇ ਛੋਟੇ-ਛੋਟੇ 700 ਗਰੁੱਪਾਂ ਨੂੰ ਠੇਕੇ ਦਿੱਤੇ ਜਾਣਗੇ ਤੇ ਇਨ੍ਹਾਂ ਵਿੱਚ ਮੁਕਾਬਲੇਬਾਜ਼ੀ ਨਾਲ ਸ਼ਰਾਬ ਦੇ ਭਾਅ ਘਟਣਗੇ ਤੇ ਰਾਜ ਸਰਕਾਰ ਨੂੰ ਵੱਧ ਮਾਲੀਆ ਮਿਲੇਗਾ। ਨਵੀਂ ਨੀਤੀ ਤਹਿਤ ਇਸ ਵਾਰ ਪਿਛਲੇ ਸਾਲ ਦੇ 5150 ਕਰੋੜ ਰੁਪਏ ਦੇ ਮੁਕਾਬਲੇ ਛੇ ਹਜ਼ਾਰ ਕਰੋੜ ਰੁਪਏ ਤੱਕ ਦੀ ਆਮਦਨ ਦੀ ਆਸ ਹੈ। ਠੇਕੇਦਾਰਾਂ ਨੂੰ ਠੇਕੇ ਲਾਟਰੀ ਜਾਂ ਪਰਚੀਆਂ ਦੇ ਡਰਾਅ ਰਾਹੀਂ ਅਲਾਟ ਕੀਤੇ ਜਾਣਗੇ।ਨਵੀਂ ਨੀਤੀ ਤਹਿਤ ਸੂਬੇ ਭਰ ’ਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ 150 ਘਟਾ ਕੇ 5850 ਦੀ ਥਾਂ 5700 ਕਰ ਦਿੱਤੀ ਗਈ ਹੈ। ਪੀਐੱਮਐੱਲ ਦਾ ਕੋਟਾ 8.44 ਕਰੋੜ ਪਰੂਫ ਲੀਟਰ ਤੋਂ ਘਟਾ ਕੇ 5.78 ਕਰੋੜ, ਆਈਐੱਮਐੱਫਐੱਲ ਦਾ ਕੋਟਾ 3.71 ਕਰੋੜ ਪਰੂਫ ਲੀਟਰ ਤੋਂ ਘਟਾ ਕੇ 2.48 ਕਰੋੜ ਅਤੇ ਬੀਅਰ ਦਾ ਕੋਟਾ 3.22 ਤੋਂ ਘਟਾ ਕੇ 2.57 ਬੀਐੱਲ ਕਰ ਦਿਤਾ ਹੈ।ਹੁਣ ਠੇਕੇਦਾਰ ਪੰਜ ਤੋਂ ਦਸ ਫੀਸਦੀ ਸ਼ਰਾਬ ਦਾ ਕੋਟਾ ਆਪਸ ’ਚ ਬਦਲ ਸਕਦੇ ਹਨ। ਪੀਐੱਮਐੱਲ ’ਤੇ ਪਿਛਲੇ ਸਾਲ ਦੇ 240 ਰੁਪਏ ਪ੍ਰਤੀ ਕੇਸ ਦੇ ਮੁਕਾਬਲੇ ਆਬਕਾਰੀ ਡਿਊਟੀ 254 ਰੁਪਏ ਪ੍ਰਤੀ ਕੇਸ ਕਰ ਦਿੱਤੀ ਗਈ ਹੈ। ਇਸੇ ਤਰਾਂ ਪੀਐੱਮਐੱਲ, ਆਈਐੱਮਐੱਫਐੱਲ ਅਤੇ ਬੀਅਰ ’ਤੇ ਆਬਕਾਰੀ ਡਿਊਟੀ ਕ੍ਰਮਵਾਰ 318 ਰੁਪਏ, 348 ਰੁਪਏ ਪਰੂਫ ਲੀਟਰ ਅਤੇ 52 ਰੁਪਏ ਬਲਕ ਲਿਟਰ ਨਿਸ਼ਚਤ ਕੀਤੀ ਹੈ।ਨਵੀਂ ਨੀਤੀ ਤਹਿਤ ਉਚਾਨੀ ਪ੍ਰਣਾਲੀ ਖ਼ਤਮ ਕਰ ਦਿੱਤੀ ਹੈ ਤੇ ਹੁਣ ਮੈਰਿਜ ਪੈਲੇਸਾਂ ਅਤੇ ਬੈਂਕੁਇਟ ਹਾਲਾਂ ਨੂੰ ਘੱਟੋ ਘੱਟ ਰਿਟੇਲ ਕੀਮਤ ’ਤੇ ਸ਼ਰਾਬ ਦਿੱਤੀ ਜਾਵੇਗੀ। ਇਸ ਦੇ ਨਾਲ ਗਊ ਸੈੱਸ ਪ੍ਰਤੀ ਬੋਤਲ ਦੀ ਥਾਂ ਸ਼ਹਿਰਾਂ ਤੇ ਪਿੰਡਾਂ ਵਿੱਚ ਦੋਵਾਂ ਥਾਵਾਂ ’ਤੇ ਪੀਐੱਲ ਅਤੇ ਆਈਐੱਮਐੱਫਐੱਲ ਪੰਜ ਫ਼ੀ ਸਦੀ ਪਰੂਫ ਲਿਟਰ ਦੇ ਹਿਸਾਬ ਲਿਆ ਜਾਵੇਗਾ।