ਇਹਨਾਂ ਵਜ੍ਹਾ ਕਰਕੇ ਹੋਈ ਹੋ ਸਕਦੀ ਹੈ, ਦਰਬਾਰ ਸਾਹਿਬ ‘ਚ ਵੀਡਿਓਗ੍ਰਾਫੀ ਬੈਨ..!!

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ੳੱਤੇ ਲਗਾਈ ਪਾਬੰਦੀ ਬਾਰੇ ਆਪ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹੀ ਦੁਬਿਧਾ ਵਿੱਚ ਹਨ।ਇਹ ਬਹੁਤ ਹੱਦ ਤੀਕ ਅੱਜ ਹੀ ਸਪਸ਼ਟ ਹੋ ਗਿਆ ਹੈ।ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ’ਤੇ ਲਗਾਈ ਪਾਬੰਦੀ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਸਕੱਤਰ ਨੇ ਜਾਰੀ ਪ੍ਰੈਸ ਰਲੀਜ ਵਿੱਚ ਸਪਸ਼ਟ ਕੀਤਾ ਹੈ ਕਿ ਇਹ ਪਾਬੰਦੀ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੇਖਦਿਆਂ ਹੀ ਲਗਾਈ ਗਈ ਹੈ।ਮੁੱਖ ਸਕੱਤਰ ਡਾ.ਰੂਪ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੇ ਵਿਸ਼ਵ ਦੀ ਸੰਗਤ ਲਈ ਅਧਿਆਤਮਕ ਸੋਮਾ ਹੋਣ ਦੇ ਨਾਲ-ਨਾਲ ਸਿੱਖਾਂ ਲਈ ਧਾਰਮਿਕ ਕੇਂਦਰੀ ਅਸਥਾਨ ਹੈ ਅਤੇ ਇਹ ਕੋਈ ਸੈਰ-ਸਪਾਟੇ ਦੀ ਜਗ੍ਹਾ ਨਹੀਂ ਹੈ।

ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਸ਼ਰਧਾ ਤੇ ਸਤਿਕਾਰ ਸਹਿਤ ਯਾਦਗਾਰੀ ਫੋਟੋ ਖਿਚਵਾਉਣੀ ਚਾਹੁੰਦਾ ਹੈ ਤਾਂ ਇਸ ਸਬੰਧ ਵਿਚ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ ਉਸ ਦੀ ਮਦਦ ਕਰਨਗੇ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਪੱਤਰਕਾਰਾਂ ਵੱਲੋਂ ਕਿਸੇ ਵਿਸ਼ੇਸ਼ ਸ਼ਖ਼ਸੀਅਤ ਦੀ ਪ੍ਰੈੱਸ ਕਰਵੇਜ਼ ਲਈ ਖਿੱਚੀ ਜਾਣ ਵਾਲੀ ਤਸਵੀਰ ਬਾਰੇ ਕਿਹਾ ਕਿ ”ਇਸ ਲਈ ਪਰਕਰਮਾਂ ਵਿਚ ਵਿਸ਼ੇਸ਼ ਸਥਾਨ ਨਿਰਧਾਰਤ ਕੀਤੇ ਗਏ ਹਨ।”

ਪਰ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਦੇ ਇੰਚਾਰਜ ਅਤੇ ਐਡੀਸ਼ਨਲ ਮੈਨੇਜਰ ਇਹਨਾਂ ਹੁਕਮਾਂ ਦੀ ਸ਼ਰੇਆਮ ਉਲੰਘਣਾ ਤੇ ਕਰਦੇ ਨਜਰ ਆਏ। ਪ੍ਰਬੰਧਕਾਂ ਵਲੋਂ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ’ਤੇ ਲਗਾਈ ਪਾਬੰਦੀ ਦੀ ਗਲ ਕਰਦਾ ਬੋਰਡ, ਕਿਸੇ ਉੱਚੇ ਸਥਾਨ ਤੇ ਨਹੀਂ ਬਲਕਿ ਸਰੋਵਰ ਦੇ ਵਿੱਚ ਅਤੇ ਹੋਰ ਥਾਵਾਂ ਦੇ ਨੇੜੇ ਲਗਾਏ ਗਏ ਹਨ।ਇਨ੍ਹਾਂ ਬੋਰਡਾਂ ਤੇ ਬਗੈਰ ਧਿਆਨ ਦਿੱਤਿਆਂ ਆਮ ਯਾਤਰੂ ਤੇ ਵਿਸ਼ੇਸ਼ ਕਰਕੇ ਗੈਰ ਪੰਜਾਬੀ ,ਸਰੋਵਰ ਦੇ ਕਿਨਾਰੇ ਤੇ ਪਰਕਰਮਾ ਵਿੱਚ ਚਲਦੇ ਹੋਏ ਵੀ ਮੋਬਾਇਲਾਂ ਨਾਲ ਸੈਲਫੀਆਂ ਤੇ ਫੋਟੋਆਂ ਲੈ ਰਹੇ ਹਨ।ਪਾਬੰਦੀ ਵਾਲਾ ਬੋਰਡ ਦਸ ਰਿਹਾ ਹੈ ਕਿ ਰੁਹਾਨੀਅਤ ਦੇ ਕੇਂਦਰ,ਸਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਫੋਟੋੋਗ੍ਰਾਫੀ ਅਤੇ ਵੀਡੀਓਗ੍ਰਾਫੀ ਮਨਾ ਹੈ। ਇਥੇ ਕਿਧਰੇ ਵੀ ਸ਼ਬਦ ਦਰਬਾਰ ਸਾਹਿਬ ਦੀ ਪਰਕਰਮਾ ਆਦਿ ਦਾ ਵਰਣਨ ਨਹੀ ਹੈ।ਜਿਕਰ ਕਰਨਾ ਬਣਦਾ ਹੈ ਕਿ ਦਰਸ਼ਨੀ ਡਿਉਡੀ ਤੋਂ ਦਾਖਲ ਹੋਕੇ ਸਚਖੰਡ ਤੀਕ ਜਾਣ ਵਾਲੀ ਛੋਟੀ ਪਰਕਰਮਾ ਅਤੇ ਸਚਖੰਡ ਅੰਦਰ ਵੀਡੀਓਗ੍ਰਾਫੀ ਦੇ ਹਕੂਕ ਕਈ ਸਾਲ ਪਹਿਲਾਂ ਹੀ ਕਮੇਟੀ ਬਾਦਲਾਂ ਦੇ ਇੱਕ ਨਿੱਜੀ ਚੈਨਲ ਨੂੰ ਦੇ ਚੱੁਕੀ ਹੈ ।ਫੋਟੋਗਰਾਫੀ ਤੇ ਪਾਬੰਦੀ ਵੀ ਹੈ ਪਰ ਕਿਸੇ ਖਾਸ ਬੰਦੇ ਦੀ ਆਮਦ ਤੇ ਸ਼ਰੋਮਣੀ ਕਮੇਟੀ ਖੁੱਦ ਸਚਖੰਡ ਦੇ ਅੰਦਰ ਮੀਡੀਆ ਨੂੰ ਫੋਟੋਗ੍ਰਾਫੀ ਦੀ ਇਜਾਜਤ ਦਿੰਦੀ ਹੈ।

ਸ਼ਰੋਮਣੀ ਕਮੇਟੀ ਮੁੱਖ ਸਕੱਤਰ ਦੇ ਹੁਕਮਾਂ ਦੀਆਂ ਅੱਜ ਉਸ ਵੇਲੇ ਧੱਜੀਆਂ ਉਡਦੀਆਂ ਵੇਖੀਆਂ ਗਈਆਂ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਇੱਕ ਕਿਤਾਬ ਰਲੀਜ ਕਰਨੀ ਸੀ ਤਾਂ ਵੱਡੀ ਗਿਣਤੀ ਮੀਡੀਆ(ਖਬਰਖਾਨਾ) ਪੱੁਜਾ ਹੋਇਆ ਸੀ।ਖਬਰਖਾਨੇ ਨੂੰ ਵੇਖਦਿਆਂ ਹੀ ਦਰਬਾਰ ਸਾਹਿਬ ਦੇ ਇੱਕ ਐਡੀਸ਼ਨਲ ਮੈਨੇਜਰ ਸਾਹਿਬ ਆਏ ਅਤੇ ਖਬਰਖਾਨੇ ਪਾਸੋਂ ਪ੍ਰੋਗਰਾਮ ਦੀ ਜਾਣਕਾਰੀ ਲੈ ਕੇ ਤੁਰਦੇ ਬਣੇ। ਕੁਝ ਮਿੰਟਾਂ ਵਿੱਚ ਹੀ ਪਰਕਰਮਾ ਦੇ ਇੱਕ ਇੰਚਾਰਜ ਨੇ ਮੌਕੇ ਉੱਤੇ ਪਹੁੰਚ ਕੇ ਮੀਡੀਆ ਵਲੋਂ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਤੇ ਪਾਬੰਦੀ ਦਾ ਦਫਤਰੀ ਹੁਕਮ ਸੁਣਾ ਦਿੱਤਾ।

ਅਸਲ ਵਿੱਚ ਇਹ ਹੁਕਮ ਐਡੀਸ਼ਨਲ ਮੈਨੇਜਰ ਦਾ ਹੀ ਸੀ ਪਰ ਉਹ ਆਪ ਪੱਤਰਕਾਰਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਸੀ।ਪਰ ਜਿਉਂ ਹੀ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਸਾਹਮਣੇ ਆਏ ਤਾਂ ਖਬਰਖਾਨੇ ਨੂੰ ਕਵਰੇਜ ਤੋਂ ਵਰਜਣ ਆਏ ਦਰਬਾਰ ਸਾਹਿਬ ਦੀ ਪਰਕਰਮਾ ਦੇ ਇੰਚਾਰਜ ਵੀ ਕਿਨਾਰਾ ਕਰ ਗਏ।ਅਜਿਹੇ ਵਿੱਚ ਇਹ ਸਵਾਲ ਅਹਿਮ ਹੈ ਕਿ ਕੀ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਦੇ ਅਹੁਦੇ ਤੇ ਪੁੱਜ ਚੱੁਕਾ ਮੁਲਾਜ਼ਮ ਵੀ ਨਹੀਂ ਜਾਣਦਾ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਚਖੰਡ ਉਹ ਹਿੱਸਾ ਹੈ ਜਿਸਦੀ ਉਸਾਰੀ ਪੰਜਵੇਂ ਪਾਤਸ਼ਾਹ ਨੇ ਆਪਣੀ ਨਿਗਰਾਨੀ ਵਿੱਚ ਕਰਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਦੇ ਰੂਪ ਵਿੱਚ ਪ੍ਰਕਾਸ਼ ਕਰਵਾਇਆ। ਦਰਬਾਰ ਸਾਹਿਬ ਦੀ ਪਰਕਰਮਾ ਦੀ ਉਸਾਰੀ ਤਾਂ 1956 ਦੇ ਨੇੜੇ ਹੁੰਦੀ ਹੈ।ਜਾਂ ਇਹ ਮੈਨੇਜਰ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਡਿਊਟੀ ਦੇਣ ਨੂੰ ਸਜਾ ਸਮਝਦੇ ਹਨ ਤੇ ਜਾਣ ਬੱੁਝ ਕੇ ਦਫਤਰੀ ਹੁਕਮਾਂ ਦੀ ਗਲਤ ਤਰਜਮਾਨੀ ਕਰਦੇ ਹਨ।

Leave a Reply

Your email address will not be published. Required fields are marked *